Principal's Message

 












ਸੰਦੇਸ਼
​ਨੰਗਲ, ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੰਘੂੜੇ ਵਿੱਚ ਵਸਿਆ ਤੇ ਕੁਦਰਤੀ ਸੁਹੱਪਣ ਨਾਲ ਭਰਪੂਰ ਸ਼ਹਿਰ ਹੈ। ਇਸ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਵਸੇ ਪਿੰਡਾਂ-ਨਗਰਾਂ ਦੇ ਹੋਣਹਾਰ ਨੌਜਵਾਨ ਵਿਦਿਆਰਥੀਆਂ ਲਈ ਇਹ ਬੜੇ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਸਰਕਾਰੀ ਸ਼ਿਵਾਲਿਕ ਕਾਲਜ, ਨਯਾ ਨੰਗਲ ਦੇ ਵਿਹੜੇ ਪੜ੍ਹਨ ਦਾ ਮੌਕਾ ਮਿਲ ਰਿਹਾ ਹੈ। ਲਗਭਗ ਪਿੱਛਲੇ ਚਾਰ ਦਹਾਕਿਆਂ ਤੋਂ ਇਹ ਮਾਣਮੱਤੀ ਸੰਸਥਾ ਇਲਾਕੇ ਦੇ ਨੌਜਵਾਨ ਵਿਦਿਆਰਥੀਆਂ ਨੂੰ ਸਰਵਪੱਖੀ ਉੱਚੇਰੀ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਨੂੰ ਮੁਕਾਮੀ ਬੁਲੰਦੀਆਂ ਤੱਕ ਪਹੁੰਚਾਉਣ ਦਾ ਹਰ ਕਾਰਜ ਪੂਰੀ ਤਨਦੇਹੀ ਨਾਲ ਨਿਭਾਉਂਦੀ ਆ ਰਹੀ ਹੈ।

​ਕਾਲਜ ਦੇ ਸਮੂਹ ਵਿਦਿਆਰਥੀਆਂ ਨਾਲ ਸਬੰਧਿਤ ਸਾਰੇ ਯਤਨਾਂ/ਅਮਲਾਂ ਨੂੰ ਪੂਰੀ ਤਨਦੇਹੀ ਨਾਲ ਨੇਪਰੇ ਚਾੜ੍ਹਨ ਸਬੰਧੀ ਮੇਰੀ ਮੁੱਢਲੀ ਕੋਸ਼ਿਸ਼ ਇਹ ਰਹੇਗੀ ਕਿ ਮੇਰੀ ਸੰਸਥਾ ਦਾ ਉੱਚ-ਯੋਗਤਾ ਪ੍ਰਾਪਤ, ਆਪਣੇ-ਆਪਣੇ ਵਿਸ਼ੇ ਵਿੱਚ ਮਾਹਿਰ ਅਤੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਲਈ ਤੱਤਪਰ ਸਟਾਫ਼ ਹਰ ਸਮੇਂ ਨੌਜਵਾਨ ਵਿਦਿਆਰਥੀਆਂ ਨੂੰ ਆਪਣੀਆਂ ਨਿਰਪੱਖ ਸੇਵਾਵਾਂ ਪ੍ਰਦਾਨ ਕਰਨ ਲਈ ਹਾਜ਼ਰ ਹੈ ਅਤੇ ਰਹੇਗਾ।

​ਕਾਲਜ-ਪੜ੍ਹਾਈ ਵਾਲਾ ਸਮਾਂ ਨੌਜਵਾਨ-ਵਿਦਿਆਰਥੀਆਂ ਲਈ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਅਤੇ ਭਵਿੱਖ ਨੂੰ ਸਿਰਜਣ ਵਾਲਾ ਅਹਿਮ ਪਲੇਟਫਾਰਮ ਹੁੰਦਾ ਹੈ। ਇਸੇ ਸਮੇਂ ਦੌਰਾਨ ਨੌਜਵਾਨ ਵਿਦਿਆਰਥੀਆਂ ਨੂੰ ਆਪਣੇ ਸਮਾਜ, ਪਰਿਵਾਰ ਅਤੇ ਖ਼ੁਦ ਦੀ ਜ਼ਿੰਦਗੀ ਵਿੱਚ ਵਿਚਰਨ ਲਈ ਲੋੜੀਂਦੇ ਫ਼ਰਜ਼ਾਂ, ਕਰਤੱਵਾਂ ਅਧਿਕਾਰਾਂ ਅਤੇ ਅਮਲਾਂ ਦਾ ਗਿਆਨ ਹਾਸਿਲ ਹੁੰਦਾ ਹੈ।

​ਇਹ ਸੰਸਥਾ ਵਿਦਿਆਰਥੀਆਂ ਨੂੰ ਉੱਚੇਰੀ ਸਿੱਖਿਆ ਦੇ ਨਾਲ-ਨਾਲ ਸਮਕਾਲੀ ਦੌਰ ਵਿੱਚ ਵਿਚਰਨ, ਸੰਵਰਨ, ਨਿਖ਼ਰਨ, ਉਸਰਨ ਤੇ ਵਧਣ-ਫੁੱਲਣ ਦੀ ਜਾਚ ਵੀ ਸਿਖਾਉਂਦੀ ਹੈ। ਪੜ੍ਹਾਈ ਦੇ ਨਾਲ-ਨਾਲ ਇਸ ਸੰਸਥਾ ਵਿੱਚ ਚੱਲਦੀਆਂ ਸਹਿ-ਵਿੱਦਿਅਕ ਗਤੀਵਿਧੀਆਂ ਐੱਨ.ਐੱਸ.ਐੱਸ., ਐੱਨ.ਸੀ.ਸੀ., ਯੁਵਕ ਸੇਵਾਵਾਂ ਕਲੱਬ, ਖੇਡਾਂ, ਸੱਭਿਆਚਾਰਕ ਅਤੇ ਵਿਭਾਗੀ ਕਾਰਵਾਈਆਂ ਆਦਿ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਕਾਰਜਸ਼ੀਲ ਰਹੀਆਂ ਹਨ ਤੇ ਭਵਿੱਖ ਵਿੱਚ ਵੀ ਰਹਿਣਗੀਆਂ।

​ਮੈਨੂੰ ਖੁਸ਼ੀ ਹੈ ਕਿ ਸਰਕਾਰੀ ਸ਼ਿਵਾਲਿਕ ਕਾਲਜ, ਨਯਾ-ਨੰਗਲ ਦਾ ਭਵਿੱਖ ਬਹੁਤ ਰੌਸ਼ਨਮਈ ਹੈ। ਇਸ ਕਾਲਜ ਦੇ ਮਿਹਨਤੀ ਤੇ ਮੱਦਦਗਾਰ ਸਟਾਫ਼ ਦੀ ਰਹਿਨੁਮਾਈ ਵਿੱਚ ਕਾਲਜ ਦੇ ਹੋਣਹਾਰ ਵਿਦਿਆਰਥੀ ਨਵੇਂ ਦਿਸਹੱਦੇ ਸਿਰਜ ਕੇ ਇੱਛਤ ਮੰਜ਼ਿਲ ਦੀਆਂ ਬੁਲੰਦੀਆਂ ਨੂੰ ਪ੍ਰਾਪਤ ਕਰਨਗੇ ਅਤੇ ਕਾਲਜ ਦਾ ਨਾਂ ਚਮਕਾਉਣਗੇ। ਮੈਂ ਕਾਲਜ ਦੇ ਵਿਹੜੇ ਆਉਣ ਵਾਲੀ ਨਵੀਂ ਪਨੀਰੀ ਦੀ ਕਾਮਯਾਬੀ ਅਤੇ ਸੁਨਹਿਰੇ ਭਵਿੱਖ ਲਈ ਅਰਦਾਸ ਕਰਦਾ ਹਾਂ।

​ਸ਼ੁੱਭ ਕਾਮਨਾਵਾਂ ਸਹਿਤ ।
                                                                                                                                                                                                                         ​ਸ. ਨਵਦੀਪ ਸਿੰਘ                                                                                                                                                                                                                                                                         ਪ੍ਰਿੰਸੀਪਲ

Student Portal: Admissions and Fee Payments

All new and old students may login/apply to avail student centric services.